ਭਾਈ ਵੀਰ ਸਿੰਘ – ਰਉਂ-ਰੁਖ਼
ਸਾਗਰ ਪੁੱਛਦਾ :- ‘ਨਦੀਏ’ ! ਸਾਰੇ ਬੂਟੇ ਬੂਟੀਆਂ ਲਯਾਵੇਂ,
’ਪਰ ਨਾ ਕਦੀ ਬੈਂਤ ਦਾ ਬੂਟਾ ਏਥੇ ਆਣ ਪੁਚਾਵੇਂ ?
ਨਦੀ ਆਖਦੀ:- ‘ਆਕੜ ਵਾਲੇ; ਸਭ ਬੂਟੇ ਪਟ ਸੱਕਾਂ,
_’ਪਰ ਜੋ ਝੁਕੇ, ਵਗੇ ਰਉਂ-ਰੁਖ਼ ਨੂੰ, ਪੇਸ਼ ‘ਨ ਉਸ ਤੇ ਜਾਵੇ ।
ਪ੍ਰਸੰਗ – ਇਹ ਕਾਵਿ-ਟੋਟਾ ਭਾਈ ਵੀਰ ਸਿੰਘ ਦੀ ਪੁਸਤਕ ‘ਦੋ-ਰੰਗ’ ਵਿੱਚੋਂ ਲਿਆ ਗਿਆ ਹੈ, ਜਿਸ ਵਿੱਚੋਂ ‘ਰਉਂ-ਰੁਖ਼’ ਰੁਬਾਈ ਦੀਆਂ ਸਤਰਾਂ ਹਨ। ਇਸ ਰਚਨਾ ਵਿੱਚ ਭਾਈ ਸਾਹਿਬ ਇਹ ਸੰਦੇਸ਼ ਦਿੰਦੇ ਹਨ ਕਿ ਜੋ ਵਿਅਕਤੀ ਸਮੇਂ ਦੇ ਰੁਝਾਨਾਂ ਦੇ ਅਨੁਕੂਲ ਆਪਣੇ ਵਿਚਾਰਾਂ ਜਾਂ ਰਵੱਈਏ ਨੂੰ ਢਾਲ ਲੈਂਦੇ ਹਨ, ਉਹ ਤਤਕਾਲੀ ਰਾਜਨੀਤਿਕ ਪ੍ਰਵਾਹ ਵਿੱਚ ਸਵੀਕਾਰ ਹੋ ਜਾਂਦੇ ਹਨ। ਪਰ ਜਿਹੜੇ ਲੋਕ ਸਮੇਂ ਦੇ ਮੁੱਖ ਧਾਰਾ ਦੇ ਵਿਰੋਧੀ ਜਾਂ ਬਾਗੀ ਬਣ ਜਾਂਦੇ ਹਨ, ਉਹ ਅਕਸਰ ਰਾਜਨੀਤਿਕ ਤਾਕਤ ਵੱਲੋਂ ਦਬਾ ਦਿੱਤੇ ਜਾਂਦੇ ਹਨ।
ਵਿਆਖਿਆ – ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਨੇ ਸਾਗਰ ਨੂੰ ਅੰਗਰੇਜ਼ੀ ਰਾਜ ਦੀ ਰਾਜਨੀਤਿਕ ਸੱਤਾ ਦਾ ਪ੍ਰਤੀਕ ਬਣਾਇਆ ਹੈ ਅਤੇ ਨਦੀ ਨੂੰ ਉਸ ਦੀ ਕਾਰਜਪਾਲਿਕਾ—ਜਿਵੇਂ ਕਿ ਨੀਤੀਆਂ, ਕਾਨੂੰਨ, ਪੁਲਿਸ ਅਤੇ ਫੌਜ—ਦਾ ਸੰਕੇਤ ਦਿੱਤਾ ਹੈ। ਸਾਗਰ, ਜੋ ਰਾਜਨੀਤਿਕ ਤਾਕਤ ਦਾ ਰੂਪ ਹੈ, ਨਦੀ ਨੂੰ ਪੁੱਛਦਾ ਹੈ ਕਿ ਉਹ ਹਰ ਕਿਸਮ ਦੇ ਬੂਟਿਆਂ ਨੂੰ ਆਪਣੀ ਤਾਕਤ ਨਾਲ ਉਖਾੜ ਕੇ ਆਪਣੇ ਕੋਲ ਲਿਆਉਣ ਦੀ ਸਮਰੱਥਾ ਰੱਖਦੀ ਹੈ, ਪਰ ਬੇਤ ਦੇ ਬੂਟਿਆਂ—ਜੋ ਇੱਕ ਵਿਸ਼ੇਸ਼ ਕਿਸਮ ਦੇ ਮਨੁੱਖਾਂ ਦੀ ਪ੍ਰਤੀਨਿਧਿਤਾ ਕਰਦ ਹੈ—ਨੂੰ ਕਿਉਂ ਨਹੀਂ ਛੇੜਦੀ।
ਨਦੀ, ਜੋ ਸਾਮਰਾਜੀ ਕਾਰਜਪਾਲਿਕਾ ਦੀ ਰੂਪਕ ਹੈ, ਉੱਤਰ ਦਿੰਦੀ ਹੈ ਕਿ ਉਹ ਸਿਰਫ ਉਹਨਾਂ ਬੂਟਿਆਂ ਨੂੰ ਉਖਾੜਦੀ ਹੈ ਜੋ ਉਸ ਦੇ ਵਹਿਣ ਅੱਗੇ ਰੁਕਾਵਟ ਪੈਦਾ ਕਰਦੇ ਹਨ ਜਾਂ ਆਕੜਦੇ ਹਨ। ਜਿਹੜੇ ਬੈਂਤ ਵਰਗੇ ਮਨੁੱਖ ਉਸ ਦੇ ਵਹਿਣ ਅਨੁਸਾਰ ਝੁਕ ਜਾਂਦੇ ਹਨ ਅਤੇ ਆਪਣੇ ਆਪ ਨੂੰ ਉਸ ਦੇ ਰੁਝਾਨ ਦੇ ਅਨੁਕੂਲ ਢਾਲ ਲੈਂਦੇ ਹਨ, ਉਹਨਾਂ ਨੂੰ ਉਹ ਛੇੜਦੀ ਨਹੀਂ।
ਭਾਈ ਸਾਹਿਬ ਇਸ ਰੁਬਾਈ ਰਾਹੀਂ ਇਹ ਸੰਦੇਸ਼ ਦੇ ਰਹੇ ਹਨ ਕਿ ਅੰਗਰੇਜ਼ੀ ਰਾਜ ਉਹਨਾਂ ਲੋਕਾਂ ਨੂੰ ਹੀ ਸਜ਼ਾ ਜਾਂ ਦੁੱਖ ਦਿੰਦਾ ਸੀ ਜੋ ਉਸ ਦੇ ਰੁਝਾਨ ਦਾ ਵਿਰੋਧ ਕਰਦੇ ਸਨ ਜਾਂ ਬਾਗੀ ਬਣਦੇ ਸਨ। ਜਿਹੜੇ ਲੋਕ ਰਾਜ ਦੀ ਚਾਲ ਨੂੰ ਸਮਝ ਕੇ ਆਪਣੇ ਆਪ ਨੂੰ ਢਾਲ ਲੈਂਦੇ ਸਨ, ਉਹਨਾਂ ਨੂੰ ਰਾਜ ਕੁਝ ਨਹੀਂ ਕਹਿੰਦਾ। ਇਹ ਵਿਚਾਰ ਭਾਈ ਸਾਹਿਬ ਦੀ ਅੰਗਰੇਜ਼ੀ ਰਾਜ ਪ੍ਰਤੀ ਨਰਮ ਭਾਵਨਾ ਜਾਂ ਅੰਗਰੇਜ਼-ਭਗਤੀ ਨੂੰ ਦਰਸਾਉਂਦਾ ਹੈ।
ਰਉਂ-ਰੁਖ’ ਕਵਿਤਾ ਦਾ ਵਿਸ਼ਾ-ਵਸਤੂ
’ਰਉਂ-ਰੁਖ’ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਹੈ। ਇਸ ਦਾ ਕੇਂਦਰੀ ਵਿਸ਼ਾ ਰਾਜਨੀਤਿਕ ਸੱਤਾ ਦੇ ਹੱਕ ਵਿੱਚ ਤੇ ਖ਼ਿਲਾਫ਼ ਖੜ੍ਹਨ ਵਾਲੇ ਸਮੂਹਾਂ ਦੇ ਨਤੀਜਿਆਂ ਨੂੰ ਉਜਾਗਰ ਕਰਦਾ ਹੈ। ਭਾਈ ਵੀਰ ਸਿੰਘ ਦੇ ਸਮੇਂ ਦੀ ਰਾਜਨੀਤਿਕ ਤਾਕਤ — ਅੰਗਰੇਜ਼ ਸਾਮਰਾਜ — ਨੂੰ ਸਾਗਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇਹ ਸਾਗਰ ਆਪਣੀ ਨੀਤੀ ਤੇ ਕਾਨੂੰਨ ਲਾਗੂ ਕਰਨ ਵਾਲੀ ਨਦੀ (ਕਾਰਜਪਾਲਿਕਾ) ਤੋਂ ਪੁੱਛਦਾ ਹੈ ਕਿ ਉਹ ਹਰ ਕਿਸਮ ਦੇ ਬੂਟੇ-ਬੂਟਿਆਂ (ਮਨੁੱਖਾਂ) ਨੂੰ ਫੜ ਕੇ ਆਪਣੇ ਵੱਸ ਵਿੱਚ ਕਰਦੀ ਹੈ, ਪਰ ਬੈਂਤ ਵਰਗੇ ਬੂਟਿਆਂ (ਖ਼ਾਸ ਕਿਸਮ ਦੇ ਲੋਕਾਂ) ਨੂੰ ਛੇੜਦੀ ਕਿਉਂ ਨਹੀਂ?
ਇਸ ‘ਤੇ ਨਦੀ ਰੂਪ ਕਾਰਜਪਾਲਿਕਾ ਉੱਤਰ ਦਿੰਦੀ ਹੈ ਕਿ ਉਹ ਉਹਨਾਂ ਬੂਟਿਆਂ ਨੂੰ ਜ਼ਰੂਰ ਉਖਾੜ ਸਕਦੀ ਹੈ ਜੋ ਉਸ ਦੇ ਵਹਾਅ ਅੱਗੇ ਅੜਦੇ ਹਨ, ਪਰ ਬੈਂਤ ਵਰਗੇ ਉਹ ਲੋਕ ਜੋ ਹਾਲਾਤਾਂ ਅਨੁਸਾਰ ਝੁਕ ਜਾਣ ਤੇ ਆਪਣੇ ਆਪ ਨੂੰ ਉਸ ਦੇ ਰੁਖ਼ ਮੁਤਾਬਕ ਬਦਲ ਲੈਣ, ਉਨ੍ਹਾਂ ਨੂੰ ਕੁਝ ਵੀ ਨਹੀਂ ਕਹਿੰਦੀ।
ਭਾਈ ਸਾਹਿਬ ਦਾ ਭਾਵ ਹੈ ਕਿ ਉਸ ਸਮੇਂ ਦੀ ਅੰਗਰੇਜ਼ ਸਰਕਾਰ ਉਹਨਾਂ ਲੋਕਾਂ ਨੂੰ ਸਜ਼ਾਵਾਂ ਤੇ ਪੀੜਾਂ ਦਿੰਦੀ ਸੀ ਜੋ ਉਸ ਦੀ ਹਕੂਮਤ ਦਾ ਵਿਰੋਧ ਕਰਦੇ ਸਨ, ਪਰ ਉਹਨਾਂ ਨੂੰ ਬਚਾਉਂਦੀ ਸੀ ਜੋ ਆਪਣੇ ਆਪ ਨੂੰ ਉਸ ਦੇ ਨਿਯਮਾਂ ਤੇ ਰੁਖ਼ ਅਨੁਸਾਰ ਢਾਲ ਲੈਂਦੇ ਸਨ। ਇਸ ਰੁਬਾਈ ਵਿੱਚ ਭਾਈ ਵੀਰ ਸਿੰਘ ਦਾ ਇਹ ਵਿਚਾਰ ਉਸ ਸਮੇਂ ਦੇ ਅੰਗਰੇਜ਼ ਰਾਜ ਪ੍ਰਤੀ ਉਨ੍ਹਾਂ ਦੀ ਰੁਚੀ ਤੇ ਰਾਜਨੀਤਿਕ ਸੱਚਾਈ ਨੂੰ ਦਰਸਾਉਂਦਾ ਹੈ।